ਜਨਮਸਾਖੀ ਸਾਹਿਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਨਮਸਾਖੀ ਸਾਹਿਤ: ‘ਜਨਮਸਾਖੀ’ ਜਨਮ ਅਤੇ ਸਾਖੀ ਦਾ ਸੰਯੁਕਤ ਸ਼ਬਦ ਹੈ। ‘ਸਾਖੀ’ ਸ਼ਬਦ ਸੰਸਕ੍ਰਿਤ ਦੇ ‘ਸਾਕੑਸ਼ੀ’ ਦਾ ਰੂਪਾਂਤਰ ਹੈ ਅਤੇ ਆਚਾਰਯ ਪਰਸ਼ੁਰਾਮ ਚਤੁਰਵੇਦੀ (ਉਤਰੀ ਭਾਰਤ ਕੀ ਸੰਤ ਪਰੰਪਰਾ, ਪੰਨਾ 178) ਅਨੁਸਾਰ ਇਸ ਦਾ ਮੂਲ ਅਰਥ ਹੈ ਉਹ ਪੁਰਸ਼ ਜਿਸ ਨੇ ਕਿਸੇ ਵਸਤੂ ਜਾਂ ਘਟਨਾ ਨੂੰ ਆਪਣੀ ਅੱਖੀਂ ਵੇਖਿਆ ਹੋਵੇ। ਅਜਿਹੇ ਸਾਖਿਆਤ ਅਨੁਭਵ ਰਾਹੀਂ ਹੀ ਕਿਸੇ ਗੱਲ ਦਾ ਯਥਾਰਥ ਗਿਆਨ ਹੋਣਾ ਸੰਭਵ ਹੈ। ‘ਕਬੀਰ-ਬੀਜਕ’ ਦੀ ਮਹਾਤਮਾ ਪੂਰਨ ਸਾਹਿਬ ਕ੍ਰਿਤ ‘ਗੁਰਮੁਖ ਟੀਕਾ ’ ਦੇ ਆਧਾਰ’ਤੇ ‘ਸਾਖੀ’ ਦਾ ਅਰਥ ‘ਪ੍ਰਤੱਖ ਗਿਆਨ’ ਸਿੱਧ ਹੁੰਦਾ ਹੈ। ਇਹ ਪ੍ਰਤੱਖ ਗਿਆਨ ਗੁਰੂ ਸਿੱਖ ਨੂੰ ਦਿੰਦਾ ਹੈ (ਹਿੰਦੀ ਸਾਹਿਤੑਯ ਕੋਸ਼ 2, ਪੰਨਾ 588)। ਡਾ. ਹਜ਼ਾਰੀ ਪ੍ਰਸਾਦ ਦਿਵੇਦੀ ਨੇ ਇਸ ਸ਼ਬਦ ਦੀ ਵਰਤੋਂ ਬੌਧ ਸਿੱਧਾਂ ਅਤੇ ਨਾਥਾਂ ਦੇ ਸਾਹਿਤ ਵਿਚੋਂ ਲਭਣ ਦਾ ਯਤਨ ਕਰਦੇ ਹੋਇਆਂ ਇਸ ਨੂੰ ਗੁਰੂ ਦੇ ਬਚਨਾਂ ਲਈ ਪ੍ਰਯੁਕਤ ਹੋਣ ਦੀ ਸੰਭਾਵਨਾ ਪ੍ਰਗਟ ਕੀਤੀ ਹੈ। (ਹਿੰਦੀ ਸਾਹਿਤੑਯ ਕਾ ਆਦਿ-ਕਾਲ, ਪੰਨਾ 112)।

            ਭਾਈ ਕਾਨ੍ਹ ਸਿੰਘ (ਮਹਾਨਕੋਸ਼, ਪੰਨਾ 135) ਨੇ ਗੁਰਬਾਣੀ ਦੀ ਇਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ) ਦੇ ਆਧਾਰ’ਤੇ ਇਸ ਦਾ ਅਰਥ ‘ਇਤਿਹਾਸ ਅਥਵਾ ਕਥਾ , ਜੋ ਅੱਖੀਂ ਡਿੱਠੀ ਕਹੀ ਗਈ ਹੋਵੇ’ ਕੀਤਾ ਹੈ। ਪਰ ਜੇ ‘ਸਾਖੀ’ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿਚ ਕਰੀਏ ਤਾਂ ਉਕਤ ਤੁਕ ਵਿਚ ਇਹ ਗੁਰੂ ਦੇ ਬਚਨ (ਬੋਲ) ਲਈ ਹੀ ਵਰਤਿਆ ਗਿਆ ਸਿਧ ਹੁੰਦਾ ਹੈ।

          ‘ਜਨਮਸਾਖੀ’ ਦੇ ਪ੍ਰਕਰਣ ਵਿਚ ਕਥਾ ਜਾਂ ਵਾਰਤਾ ਲਈ ਇਸ ਸ਼ਬਦ ਦਾ ਪ੍ਰਯੋਗ ਇਸ ਦੀ ਲਾਕਸ਼ਣਿਕ ਵਿਸ਼ਿਸ਼ਟਤਾ ਦੇ ਫਲਸਰੂਪ ਹੋਇਆ ਪ੍ਰਤੀਤ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿਚ ਅਨੇਕ ਅਵਸਰਾਂ’ਤੇ ਜਿਗਿਆਸੂਆਂ ਨੂੰ ਜੋ ਉਪਦੇਸ਼ ਰੂਪ ਵਿਚ ਬਚਨ ਜਾਂ ਸ਼ਬਦ ਕਹੇ ਸਨ , ਉਹੀ ਆਪਣੀਆਂ ਘਟਨਾ-ਪ੍ਰਧਾਨ ਵਾਰਤਕ ਉਥਾਨਿਕਾਵਾਂ ਸਹਿਤ ਸਾਖੀਆਂ ਦੇ ਰੂਪ ਵਿਚ ਪ੍ਰਚਲਿਤ ਹੋਏ ਹਨ। ਇਸ ਤਰ੍ਹਾਂ ‘ਸਾਖੀ’ ਸ਼ਬਦ ਘਟਨਾ ਪ੍ਰਧਾਨ ਉਥਾਨਿਕਾ ਜੁੜੇ ‘ਗੁਰੂ-ਬਚਨ’ ਦਾ ਪ੍ਰਯਾਯ ਬਣ ਗਿਆ ਅਤੇ ਸਹਿਜੇ ਸਹਿਜੇ ਇਹ ਕਥਾ ਜਾਂ ਵਾਰਤਾ ਲਈ ਵਰਤਿਆ ਜਾਣ ਲਗਿਆ। ਇਸ ਦਾ ਇਕ ਨਾਮਾਂਤਰ ‘ਗੋਸਟਿ ’ ਵੀ ਹੈ ਪਰ ਗੋਸਟਿ ਸ਼ਬਦ ਅਧਿਕਤਰ ਉਨ੍ਹਾਂ ਸਾਖੀਆਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਵਿਚ ਸੰਵਾਦਾਤਮਕ ਸ਼ੈਲੀ ਅਪਣਾਈ ਗਈ ਹੋਵੇ। ਸੰਸਕ੍ਰਿਤ ਭਾਸ਼ਾ ਦੇ ‘ਪਰਿਚਯ’ ਸ਼ਬਦ ਤੋਂ ਵਿਉੱਤਪੰਨ ‘ਪਰਚੀ ’ ਜਾਂ ‘ਪਰਿਚਈ’ ਸ਼ਬਦ ਵੀ ‘ਸਾਖੀ’ ਸ਼ਬਦ ਦਾ ਨਾਮਾਂਤਰ ਹੈ ਪਰ ਇਸ ਦਾ ਪ੍ਰਚਲਨ ਬਾਦ ਵਿਚ ਹੋਇਆ ਹੈ।

          ‘ਜਨਮ’ ਤੋਂ ਇਥੇ ਭਾਵ ਕੇਵਲ ਪੈਦਾਇਸ਼ ਨਹੀਂ , ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿਚ ‘ਜਨਮਸਾਖੀ’ ਤੋਂ ਭਾਵ ਕਿਸੇ ਮਹਾਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿੱਤਾਂਤ ਹੈ ਜਿਸ ਵਿਚ ਉਸ ਦੇ ਬਚਨ ਇਸ ਢੰਗ ਨਾਲ ਪਰੁਚੇ ਗਏ ਹੋਣ ਕਿ ਜਿਗਿਆਸੂਆਂ ਦੇ ਨਿੱਤ ਦੇ ਜੀਵਨ ਵਿਚ ਕਦੇ ਕਦੇ ਨੈਤਿਕ, ਅਧਿਆਤਮਿਕ ਅਤੇ ਵਿਵਹਾਰਿਕ ਸਮਸਿਆਵਾਂ ਦੇ ਪ੍ਰਸਤੁਤ ਹੋਣ’ਤੇ ਉਨ੍ਹਾਂ ਦੇ ਸਮਾਧਾਨ ਲਈ ਸੰਕੇਤਿਕ ਉਪਾ ਪ੍ਰਾਪਤ ਕੀਤੇ ਜਾ ਸਕਣ। ਪਰ ਚੂੰਕਿ ਇਸ ਸਾਹਿਤ-ਰੂਪ ਦਾ ਨਾਮਕਰਣ, ਆਰੰਭ ਅਤੇ ਵਿਕਾਸ ਗੁਰੂ ਨਾਨਕ ਦੇਵ ਜੀ ਦੇ ਜੀਵਨ-ਬ੍ਰਿੱਤਾਂਤ ਨਾਲ ਹੋਇਆ ਹੈ, ਇਸ ਲਈ ਆਮ ਕਰਕੇ ‘ਜਨਮਸਾਖੀ’ ਸ਼ਬਦ ਤੋਂ ਭਾਵ ਗੁਰੂ ਨਾਨਕ ਦੇਵ ਜੀ ਦਾ ਅਧਿਆਤਮਿਕ ਜੀਵਨ -ਬ੍ਰਿੱਤਾਂਤ ਹੈ, ਜਿਸ ਵਿਚ ਅਨੇਕ ਸਾਖੀਆਂ ਜਾਂ ਗੋਸ਼ਟਾਂ ਜੀਵਨ ਦੇ ਵਿਕਾਸ-ਕ੍ਰਮ ਵਿਚ ਸੰਕਲਿਤ ਹੋਣ। ਉਂਜ ਬਾਦ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਜਨਮਸਾਖੀਆਂ ਦੇ ਅਨੁਕਰਣ ਉਤੇ ਭਗਤ ਕਬੀਰ , ਭਗਤ ਰੈਦਾਸ, ਆਦਿ ਦੀਆਂ ਜਨਮਸਾਖੀਆਂ ਵੀ ਲਿਖੀਆਂ ਗਈਆਂ ਹਨ।

            ਲਿਖਣ-ਪ੍ਰੇਰਣਾ: ਗੁਰੂ ਨਾਨਕ ਦੇਵ ਜੀ 15ਵੀਂ ਸਦੀ ਦੇ ਬੜੇ ਪ੍ਰਭਾਵਸ਼ਾਲੀ ਲੋਕ-ਨਾਇਕ ਸਨ। ਉਨ੍ਹਾਂ ਦੇ ਜਨਮ ਲੈਣ ਸਮੇਂ ਭਾਰਤੀ ਜਨਤਾ ਨਿਰਾਸ਼ਾ, ਭੈ , ਦਰਿਦ੍ਰਤਾ ਅਤੇ ਗੌਰਵ-ਹੀਨਤਾ ਦੇ ਹਨੇਰੇ ਵਿਚ ਆਪਣੇ ਰਾਹੋਂ ਖੁੰਝ ਚੁਕੀ ਸੀ। ਇਸਲਾਮੀ ਸੰਸਕ੍ਰਿਤੀ ਦੇ ਦ੍ਰਿੜ੍ਹ ਪ੍ਰਚਾਰ , ਕਠੋਰ ਰਾਜ-ਪ੍ਰਬੰਧ ਅਤੇ ਬਲ-ਪੂਰਵਕ ਧਰਮ ਪਰਿਵਰਤਨ ਦੀ ਰੁਚੀ ਨੇ ਭਾਰਤੀ ਸੰਸਕ੍ਰਿਤੀ ਨੂੰ ਝੰਝੋੜ ਦਿੱਤਾ। ਗੁਰੂ ਜੀ ਨੇ ਭਾਰਤੀ ਸੰਸਕ੍ਰਿਤੀ ਦੀ ਇਸ ਨਿਘਰਦੀ ਹੋਈ ਅਵਸਥਾ ਨੂੰ ਵੇਖਿਆ ਅਤੇ ਇਸ ਵਿਚਲੇ ਗਲੇ ਸੜੇ ਅਤੇ ਯੁਗ ਤੋਂ ਪਛੜ ਚੁਕੇ ਅੰਸ਼ਾਂ ਨੂੰ ਤਿਆਗ ਕੇ ਉਨ੍ਹਾਂ ਦੀ ਸਥਾਨ-ਪੂਰਤੀ ਦੂਜੀਆਂ ਸੰਸਕ੍ਰਿਤੀਆਂ ਦੇ ਨਿਰਮਾਣਕਾਰੀਆਂ ਤੱਤ੍ਵਾਂ ਅਤੇ ਆਪਣੇ ਮੌਲਿਕ ਵਿਚਾਰਾਂ ਨਾਲ ਕੀਤੀ। ਇਸ ਤਰ੍ਹਾਂ ਉਨ੍ਹਾਂ ਨੇ ਲੋੜ ਅਨੁਸਾਰ ਮਨੁੱਖਤਾ ਦੇ ਕਲਿਆਣ ਲਈ ਇਕ ਨਵਾਂ ਸੰਦੇਸ਼ ਦਿੱਤਾ ਜੋ ਸਾਧਾਰਣ ਜਨਤਾ ਦੀ ਮਾਨਸਿਕ ਪੱਧਰ ਦੇ ਅਨੁਕੂਲ ਸੀ।

            ਅਸਲੋਂ , ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਬੜੀ ਅਨੋਖੀ, ਅਦੁੱਤੀ ਅਤੇ ਆਕਰਸ਼ਕ ਸੀ। ਉਨ੍ਹਾਂ ਦੀ ਸਾਧਨਾ ਵਿਚ ਅਪਾਰ ਸ਼ਕਤੀ ਸੀ। ਸੰਸਕ੍ਰਿਤਿਕ ਸੰਕਟ ਦੇ ਉਮਡੇ ਹੋਏ ਭਿਆਨਕ ਹੜ੍ਹ ਨੂੰ ਉਨ੍ਹਾਂ ਨੇ ਆਪਣੀ ਬਾਂਹ ਉਲਾਰ ਕੇ ਰੋਕ ਦਿੱਤਾ। ਸਾਰੇ ਦੇਸ਼ ਵਾਸੀਆਂ ਦੇ ਸੋਚਣ ਦਾ ਢੰਗ ਬਦਲ ਦਿੱਤਾ। ਉਨ੍ਹਾਂ ਦੇ ਤੇਜਸਵੀ ਵਿਅਕਤਿਤਵ ਦਾ ਪ੍ਰਭਾਵ ਉਸ ਯੁਗ ਦੇ ਸਾਹਿਤ, ਸਮਾਜ ਅਤੇ ਇਤਿਹਾਸ ਉਤੇ ਅਮਿਟ ਪਿਆ। ਸ਼ੁਰੂ ਵਿਚ ਉਨ੍ਹਾਂ ਨੂੰ ਭਾਵੇਂ ਸਾਧਾਰਣ ਵਿਅਕਤੀ ਸਮਝਿਆ ਜਾਂਦਾ ਰਿਹਾ ਹੋਵੇ, ਪਰ ਸਮਾਂ ਆਇਆ ਜਦੋਂ ਉਹ ਪੁਰਸ਼ ਤੋਂ ਪੁਰਸ਼ੋਮਤਮ ਦਿਸਣ ਲਗੇ। ਉਨ੍ਹਾਂ ਦੀ ਨਾਮ-ਖ਼ੁਮਾਰੀ ਨੇ ਮੁਗ਼ਲ ਬਾਦਸ਼ਾਹ ਬਾਬਰ ਵਰਗਿਆਂ ਨੂੰ ਹਲੂਣ ਦਿੱਤਾ। ਉਸ ਸਮੇਂ ਦੀ ਜਨਤਾ ਗੁਰੂ ਜੀ ਦੀ ਸ਼ਖ਼ਸੀਅਤ ਵਿਚ ਆਪਣੇ ਦੁੱਖਾਂ ਦਾ ਅੰਤ ਵੇਖਣ ਲਗੀ। ਅਜਿਹੀਆਂ ਭਾਵਨਾਵਾਂ ਉਸ ਵੇਲੇ ਦੇ ਸਮਾਜ ਵਿਚ ਸਮਾ ਗਈਆਂ। ਗੁਰੂਦੇਵ ਜੀ ਦੇ ਜੋਤੀ ਜੋਤਿ ਸਮਾਉਣ ਵੇਲੇ ਸ਼ਰਧਾਲੂਆਂ ਦੇ ਮਨਾ ਵਿਚ ਗੁਰੂ-ਉਪਕਾਰਾਂ ਦੀਆਂ ਯਾਦਾਂ ਨੂੰ ਸੰਭਾਲਣ ਦੀ ਰੀਝ ਪੈਦਾ ਹੋਈ ਅਤੇ ਉਹੀ ਰੀਝ ਜਨਮਸਾਖੀਆਂ ਦਾ ਜਾਮਾ ਪਾ ਕੇ ਸਾਡੇ ਸਾਹਮਣੇ ਆਈ।

            ਗੁਰੂ ਨਾਨਕ ਦੇਵ ਜੀ ਦੀ ਜਨਮਸਾਖੀ ਇਕ ਨਹੀਂ, ਅਨੇਕ ਹਨ ਅਤੇ ਇਨ੍ਹਾਂ ਵਿਚੋਂ ਪ੍ਰਮੁਖਤਾ ਚਾਰ ਦੀ ਹੈ— (1) ਪੁਰਾਤਨ ਜਨਮਸਾਖੀ , (2) ਮਿਹਰਬਾਨ ਵਾਲੀ ਜਨਮਸਾਖੀ , (3) ਬਾਲੇ ਵਾਲੀ ਜਨਮਸਾਖੀ ਅਤੇ (4) ਮਨੀ ਸਿੰਘ ਵਾਲੀ ਜਨਮਸਾਖੀ। (ਇਨ੍ਹਾਂ ਬਾਰੇ ਵੇਖੋ ਸੁਤੰਤਰ ਇੰਦਰਾਜ)। ਇਨ੍ਹਾਂ ਸਾਰਿਆਂ ਦਾ ਵਿਵਰਣ ਪਰਸਪਰ ਭਿੰਨ ਹੈ। ਇਨ੍ਹਾਂ ਵਿਚ ਅਧਿਆਤਮਿਕਤਾ ਤੋਂ ਛੁਟ ਜੀਵਨ ਦੇ ਹੋਰਨਾਂ ਪੱਖਾਂ ਦੇ ਚਿਤ੍ਰਣ ਦੀ ਲਗਭਗ ਅਣਹੋਂਦ ਹੈ। ਪੰਜਾਬੀ ਸਧੁੱਕੜੀ ਵਾਰਤਕ ਪ੍ਰਧਾਨ ਇਨ੍ਹਾਂ ਜਨਮਸਾਖੀਆਂ ਦੇ ਲਿਖਣ ਲਈ ਕੇਵਲ ਗੁਰਮੁਖੀ ਲਿਪੀ ਦੀ ਹੀ ਵਰਤੋਂ ਕੀਤੀ ਗਈ।

            ਅਨੁਮਾਨ ਹੈ ਕਿ ਜਨਮਸਾਖੀ ਆਪਣੇ ਮੂਲ ਰੂਪ ਵਿਚ ਬੜੀ ਸੰਖਿਪਤ ਰਹੀ ਹੋਵੇਗੀ ਅਤੇ ਸਭ ਤੋਂ ਪਹਿਲਾਂ ਇਸ ਵਿਚ 20 ਜਾਂ 30 ਸਾਖੀਆਂ ਹੋਣਗੀਆਂ, ਪਰ ਬਾਦ ਵਿਚ ਇਸ ਦਾ ਆਕਾਰ ਵਧਦਾ ਗਿਆ, ਜਿਸ ਦੇ ਮੁੱਖ ਤੌਰ ’ਤੇ ਤਿੰਨ ਕਾਰਣ ਹੋ ਸਕਦੇ ਹਨ— ਇਕ ਇਹ ਕਿ ਗੁਰੂ ਜੀ ਸੰਬੰਧੀ ਲੋਕਾਂ ਤੋਂ ਭੁਲੀਆਂ ਵਿਸਰੀਆਂ ਯਾਦਾਂ ਪ੍ਰਾਪਤ ਹੁੰਦੀਆਂ ਗਈਆਂ। ਦੂਜੇ ਕੁਝ ਸਾਖੀਆਂ ਅਨੁਮਾਨ ਦੇ ਆਧਾਰ’ਤੇ ਘੜੀਆਂ ਜਾਣ ਲਗ ਪਈਆਂ ਅਤੇ, ਤੀਜੇ ਕੁਝ ਸਾਖੀਆਂ ਹੋਰਨਾਂ ਮਤ-ਮਤਾਂਤਰਾਂ ਦੇ ਪ੍ਰਵਰਤਕਾਂ ਦੇ ਨਾਂ ਨਾਲ ਪ੍ਰਸਿੱਧ ਕਥਾਵਾਂ ਦੇ ਅਨੁਰੂਪ ਘੜ ਲਈਆ ਗਈਆਂ। ਇੰਜ ਇਨ੍ਹਾਂ ਦੀ ਗਿਣਤੀ ਵਧਦੀ ਵਧਦੀ 575 ਤਕ ਪਹੁੰਚ ਗਈ।

            ਇਤਿਹਾਸਿਕਤਾ: ਇਨ੍ਹਾਂ ਜਨਮਸਾਖੀਆਂ ਵਿਚ ਜੀਵਨ ਦੀ ਲਿਖਣ-ਵਿਧੀ ਵਿਗਿਆਨਿਕ ਨਹੀਂ, ਪੌਰਾਣਿਕ ਜਾਂ ਮਿਥਿਕ ਹੈ। ਫਲਸਰੂਪ ਬਹੁਤ ਸਾਰੀਆਂ ਕਰਾਮਾਤਾਂ ਅਤੇ ਚਮਤਕਾਰ ਪ੍ਰਧਾਨ ਘਟਨਾਵਾਂ ਦਾ ਸਮਾਵੇਸ਼ ਗੁਰੂ ਨਾਨਕ ਦੇਵ ਜੀ ਦੇ ਜੀਵਨ-ਵ੍ਰਿੱਤ ਵਿਚ ਕਰ ਦਿੱਤਾ ਗਿਆ ਹੈ। ਜਨਮਸਾਖੀਆਂ ਦੀ ਵਿਸਤਾਰਪੂਰਣ ਸਾਮਗ੍ਰੀ ਨੂੰ ਵੇਖ ਕੇ ਇਕ ਸੁਭਾਵਿਕ ਪ੍ਰਸ਼ਨ ਉਠਦਾ ਹੈ ਕਿ ਜਨਮਸਾਖੀਆਂ ਨੂੰ ਲਿਖਣ ਵੇਲੇ ਸਾਖੀਕਾਰ ਕਿਨ੍ਹਾਂ ਕਿਨ੍ਹਾਂ ਸਰੋਤਾਂ ਤੋਂ ਸਾਮਗ੍ਰੀ ਲੈਂਦੇ ਹਨ ? ਗੁਰੂ ਨਾਨਕ ਦੇਵ ਜੀ ਦੇ ਆਗਮਨ ਕਾਲ ਤਕ ਬੁੱਧ ਦੇਵ ਦੀਆਂ ਜਾਤਕ ਕਥਾਵਾਂ ਅਤੇ ਅਵਦਾਨ ਆਖਿਆਨ ਜਨ-ਜੀਵਨ ਵਿਚ ਪ੍ਰਵੇਸ਼ ਪ੍ਰਾਪਤ ਕਰ ਚੁਕੇ ਸਨ, ਦੇਵੀ ਦੇਵਤਿਆਂ ਸੰਬੰਧੀ ਪੌਰਾਣਿਕ ਕਥਾ-ਪ੍ਰਸੰਗ ਅਨੁਯਾਈਆਂ ਦੀ ਸ਼ਰਧਾ ਦੇ ਅੰਗ ਬਣ ਚੁਕੇ ਸਨ, ਸਿੱਧਾਂ ਅਤੇ ਯੋਗੀਆਂ ਦੀਆਂ ਅਨੇਕ ਪ੍ਰਕਾਰ ਦੀਆਂ ਰਿੱਧੀਆਂ-ਸਿੱਧੀਆਂ ਦੀ ਚਕਾਚੌਂਧ ਤੋਂ ਜਨਤਾ ਪ੍ਰਭਾਵਿਤ ਹੋ ਚੁਕੀ ਸੀ ਅਤੇ ਪੁਰਾਣਾਂ ਦੀਆਂ ਕਲਪਨਾ-ਪ੍ਰਸੂਤ ਵਿਚਿਤ੍ਰ ਕਥਾਵਾਂ ਜਨ-ਮਨ ਵਿਚ ਆਪਣਾ ਸਥਾਨ ਬਣਾ ਚੁਕੀਆਂ ਸਨ।

            ਇਹ ਇਕ ਸਚ ਹੈ ਕਿ ਮਨੁੱਖਤਾ ਦੇ ਕਲਿਆਣ ਲਈ ਕੀਤੇ ਕੰਮਾਂ ਨਾਲ, ਲੋਕਾਂ ਦੇ ਮਨ ਵਿਚ ਲੋਕ-ਨਾਇਕਾਂ ਦੇ ਰੂਪ ਵਿਚ ਪ੍ਰਗਟ ਹੋਏ ਸੰਤਾਂ , ਪੀਰਾਂ, ਫ਼ਕੀਰਾਂ, ਮਹਾਪੁਰਖਾਂ ਜਾਂ ਨੇਕ ਚਲਨ ਵਾਲੇ ਰਾਜਿਆਂ ਮਹਾਰਾਜਿਆਂ ਪ੍ਰਤਿ ਇਕ ਖ਼ਾਸ ਸ਼ਰਧਾਲੂ ਬਿਰਤੀ ਵਿਕਸਿਤ ਹੋ ਜਾਂਦੀ ਹੈ। ਇਹੀ ਬਿਰਤੀ ਸਾਹਿਤਿਕ ਰੁਚੀਆਂ ਵਾਲਿਆਂ ਵਿਅਕਤੀਆਂ ਦੁਆਰਾ ਲਿਖਿਤਾਂ ਦਾ ਰੂਪ ਧਾਰਣ ਕਰਦੀ ਹੈ। ਇਹ ਮਨੁੱਖ ਮਨ ਦੀ ਸਾਮਾਨਯ ਪ੍ਰਵ੍ਰਿੱਤੀ ਹੈ, ਇਸ ਲਈ ਇਹ ਹਰ ਦੇਸ਼ ਦੇ ਪਰੋਪਕਾਰੀ ਸਾਧਕਾਂ ਪ੍ਰਤਿ ਉਪਲਬਧ ਹੈ। ਇਸ ਪ੍ਰਕਾਰ ਦੀਆਂ ਰਚਨਾਵਾਂ ਵਿਚ ਚੂੰਕਿ ਮਿਥ ਅਥਵਾ ਸ਼ਰਧਾ ਦੀ ਪ੍ਰਧਾਨਤਾ ਹੁੰਦੀ ਹੈ, ਇਸ ਲਈ ਨ ਤਾਂ ਇਨ੍ਹਾਂ ਨੂੰ ਸ਼ੁੱਧ ਇਤਿਹਾਸ ਦੀ ਸੀਮਾ ਵਿਚ ਰਖਿਆ ਜਾ ਸਕਦਾ ਹੈ ਅਤੇ ਨ ਹੀ ਇਹ ਜੀਵਨੀ ਸਾਹਿਤ-ਰੂਪ ਦੇ ਤੱਤ੍ਵਾਂ ਉਤੇ ਪੂਰੀਆਂ ਉਤਰਦੀਆਂ ਹਨ। ਪੱਛਮੀ ਵਿਦਵਾਨਾਂ ਨੇ ਇਸ ਨੂੰ ਜੀਵਨੀ ਨਾਲੋਂ ਨਿਖੇੜਨ ਲਈ ਹੈਗਿਓਗ੍ਰੈਫਿਕ ਲਿਟਰੇਚਰ (Hagio- graphic Literature) ਨਾਂ ਦਿੱਤਾ ਹੈ। ਪੰਜਾਬੀ ਵਿਚ ਇਸ ਨੂੰ ਰੂਪਾਂਤਰਿਤ ਕਰਨ ਲਈ ਭਾਵੇਂ ਕੋਈ ਢੁਕਵਾਂ ਸ਼ਬਦ ਵਰਤਿਆ ਨਹੀਂ ਜਾਂਦਾ, ਪਰ ਜਨਮਸਾਖੀ, ਸਾਖੀ, ਪਰਚੀ, ਮਸਲਾ , ਆਦਿ ਸ਼ਬਦ ਭਾਵ­-ਪ੍ਰਕਾਸ਼ਨ ਲਈ ਪ੍ਰਯੁਕਤ ਹੁੰਦੇ ਰਹੇ ਹਨ।

            ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਕੁਝ ਸਦੀਆਂ ਪਹਿਲਾਂ ਭਾਰਤ ਵਿਚ ਇਸਲਾਮ ਦਾ ਪ੍ਰਵੇਸ਼ ਹੋਇਆ ਸੀ। ਇਸਲਾਮ ਵਿਚ ਕਰਾਮਾਤਾਂ ਪ੍ਰਤਿ ਵਿਸ਼ੇਸ਼ ਆਸਥਾ ਪ੍ਰਗਟ ਕੀਤੀ ਜਾਂਦੀ ਹੈ। ਕੁਰਾਨ (ਸੂਰਾ ਮਰੀਅਮ) ਵਿਚ ਹਜ਼ਰਤ ਈਸਾ ਦੇ ਚਮਤਕਾਰਾਂ ਦਾ ਵਿਵਰਣ ਉਪਲਬਧ ਹੈ। ਵਾਸਤਵ ਵਿਚ, ਮੁਸਲਮਾਨਾਂ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਕਿਸੇ ਵਿਅਕਤੀ ਦਾ ਨੱਬੀ ਜਾਂ ਔਲੀਆ ਹੋਣ ਦਾ ਇਕ ਪ੍ਰਮਾਣ ਚਮਤਕਾਰ ਪ੍ਰਦਰਸ਼ਨ ਹੈ। ਮੁਸਲਮਾਨ ਸਾਧਕਾਂ ਅਤੇ ਸੂਫ਼ੀ ਫ਼ਕੀਰਾਂ ਦੇ ਤਜ਼ਕਰੇ (ਜਿਨ੍ਹਾਂ ਰਚਨਾਵਾਂ ਵਿਚ ਕਿਸੇ ਸੂਫ਼ੀ ਬਾਰੇ ਜ਼ਿਕਰ ਕੀਤਾ ਗਿਆ ਹੋਵੇ), ‘ਮਲਫ਼ੂਜ਼ਾਤ’ (ਇਹ ਮਲਫ਼ੂਜ਼ ਦਾ ਬਹੁਵਚਨ ਹੈ ਅਤੇ ਅਰਥ ਹੈ ਸ਼ਬਦਾਂ ਦੁਆਰਾ ਅਭਿਵਿਅਕਤ , ਮੁੱਖ ਤੋਂ ਬੋਲਿਆ ਹੋਇਆ। ਆਮ ਤੌਰ’ਤੇ ਇਹ ਸ਼ਬਦ ਸੂਫ਼ੀ ਸਾਧਕਾਂ ਦੇ ਬਚਨਾਂ ਦੇ ਸੰਕਲਨਾਂ ਲਈ ਵਰਤਿਆ ਜਾਂਦਾ ਹੈ) ਜਾਂ ‘ਅਕਵਾਲ’ ਚਮਤਕਾਰਪੂਰਣ ਘਟਨਾਵਾਂ ਨਾਲ ਭਰੇ ਪਏ ਹਨ। ਦਾਤਾਗੰਜ ਬਖ਼ਸ਼ ਹੁਜਵੀਰੀ (1009-1072 ਈ.) ਕ੍ਰਿਤ ‘ਕਸ਼ਫ਼ੁਲ-ਮਹਿਜੂਬ’ ਵਿਚ ਸੁੱਤੇ ਹੋਏ ਅਬਦੁੱਲਾ ਨਾਂ ਦੇ ਵਲੀ ਨੂੰ ਇਕ ਸੱਪ ਦੁਆਰਾ ਝਾੜ ਲੈ ਕੇ ਪੱਖਾ ਝਲਣ ਦਾ ਪ੍ਰਸੰਗ ਦਰਜ ਹੈ। ਫ਼ਰੀਦ-ਉਦ- ਦੀਨ ਅੱਤਾਰ (1119-1230 ਈ.) ਰਚਿਤ ‘ਤਜ਼ਕਰਾ- ਤੁਲ-ਔਲੀਆ’ ਵਿਚ ਰਾਬੀਆ ਨਾਂ ਦੀ ਸਾਧਿਕਾ ਕੋਲ ਜੰਗਲ ਵਿਚ ਖ਼ੁਦ ਮੱਕੇ ਦੇ ਚਲ ਕੇ ਆਉਣ ਦਾ ਉੱਲੇਖ ਹੈ। ਮੁਸਲਮਾਨ ਦਰਵੇਸ਼ਾਂ ਨਾਲ ਸੰਬੰਧਿਤ ਇਸ ਪ੍ਰਕਾਰ ਦੀਆਂ ਅਨੇਕਾਂ ਕਥਾਵਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਲੋਕ-ਪ੍ਰਿਯ ਹੋ ਚੁਕੀਆਂ ਸਨ। ਸਿੱਟੇ ਵਜੋਂ ਜਨਮਸਾਖੀ-ਕਾਰਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹੋਰਨਾਂ ਧਰਮ-ਆਗੂਆਂ ਦੀ ਤੁਲਨਾ ਵਿਚ ਮਹਾਨ ਅਤੇ ਸ੍ਰੇਸ਼ਠ ਸਿੱਧ ਕਰਨ ਲਈ ਉਪਰੋਕਤ ਸਾਰੀਆਂ ਲੋਕ-ਕਥਾਵਾਂ, ਦੰਦ-ਕਥਾਵਾਂ ਅਤੇ ਆਖਿਆਨਾਂ ਤੋਂ ਲਾਭ ਉਠਾਇਆ ਹੋਵੇ, ਤਾਂ ਅਸਚਰਜ ਦੀ ਕੋਈ ਗੱਲ ਨਹੀਂ।

ਅਸਲੋਂ, ਜਨਮਸਾਖੀ ਸਾਹਿਤ ਪ੍ਰਚਾਰਾਤਮਕ ਸਾਹਿਤ ਹੈ ਅਤੇ ਇਸ ਦਾ ਮੁੱਖ ਉਦੇਸ਼ ਗੁਰੂ ਨਾਨਕ ਦੇਵ ਜੀ ਦੀ ਮਹਾਨਤਾ ਅਤੇ ਸ੍ਰੇਸ਼ਠਤਾ ਸਿਧ ਕਰਨ ਲਈ ਉਹ ਸਭ ਕੁਝ ਉਨ੍ਹਾਂ ਦੇ ਨਾਂ ਨਾਲ ਜੋੜ ਦੇਣਾ ਹੈ, ਜੋ ਹੋਰਨਾਂ ਮਹਾਪੁਰਸ਼ਾਂ ਦੀ ਵਡਿਆਈ ਦਾ ਆਧਾਰ ਰਿਹਾ ਹੋਵੇ।

            ਧਾਰਮਿਕ ਸਾਧਕਾਂ ਸੰਬੰਧੀ ਲੋਕਾਂ ਵਿਚ ਪ੍ਰਚਲਿਤ ਕਥਾਨਕ ਰੂੜ੍ਹੀਆਂ ਅਤੇ ਅੰਧ ਵਿਸ਼ਵਾਸਾਂ ਨੂੰ ਵੀ ਇਨ੍ਹਾਂ ਸਾਖੀਆਂ ਵਿਚ ਸਮੋਇਆ ਗਿਆ ਹੈ ਅਤੇ ਨਵੀਆਂ ਨਵੀਆਂ ਸਾਖੀਆਂ ਘੜੀਆਂ ਵੀ ਗਈਆਂ ਹਨ। ਜਿਵੇਂ ‘ਵੇਈ ਪ੍ਰਵੇਸ਼’ ਵਾਲੀ ਸਾਖੀ ਵਿਚੋਂ ਹਜ਼ਰਤ ਮੁਹੰਮਦ ਦੀ ਸ਼ਬ- ਮਿਅਰਾਜ ਵਾਲੀ ਘਟਨਾ ਦਾ ਪ੍ਰਭਾਵ ਪੈਂਦਾ ਹੈ। ਕੀੜ ਨਗਰ ਵਾਲੀ ਸਾਖੀ ਵਿਚੋਂ ਹਜ਼ਰਤ ਸੁਲੇਮਾਨ ਦੀ ਦਾਅਵਤ ਦਾ ਆਭਾਸ ਹੁੰਦਾ ਹੈ। ਇਸੇ ਤਰ੍ਹਾਂ ਰਾਜੇ ਸ਼ਿਵਨਾਭ ਦੇ ਪੁੱਤਰ ਦੀ ਕੁਰਬਾਨੀ ਹਜ਼ਰਤ ਇਸਮਾਈਲ ਦੇ ਪੁੱਤਰ ਦੀ ਕੁਰਬਾਨੀ ਨਾਲ ਕੁਝ ਕੁ ਸਮਾਨਤਾ ਰਖਦੀ ਹੈ। ਬਾਬੇ ਨਾਨਕ ਦਾ ਰੁਹੇਲਿਆਂ ਦੇ ਦੇਸ਼ ਵਿਚ ਜਾ ਕੇ ਵਿਕਣਾ ਹਜ਼ਰਤ ਯੂਸਫ਼ ਦੇ ਵਿਕਣ ਦੀ ਰੂੜ੍ਹੀ ਨਾਲ ਆਪਣਾ ਪੱਲਾ ਮੇਚਦਾ ਹੈ। ਇਸ ਲਈ ਜਨਮਸਾਖੀਆਂ ਦੇ ਵਿਵਰਣ ਦਾ ਭਰਮ-ਪੂਰਣ ਜਾਂ ਮਿਥਿਕ ਹੋਣਾ ਸੁਭਾਵਿਕ ਹੈ। ਮਨੁੱਖ ਜਾਤੀ ਦੇ ਇਤਿਹਾਸ ਦਾ ਵਿਕਾਸ ਮਿਥਿਕ ਜਾਂ ਦੰਦ ਕਥਾਵਾਂ ਤੋਂ ਆਪਣਾ ਰੂਪ ਅਤੇ ਆਕਾਰ ਗ੍ਰਹਿਣ ਕਰਦਾ ਆਇਆ ਹੈ। ਸ਼ੁੱਧ ਇਤਿਹਾਸਿਕ ਦ੍ਰਿਸ਼ਟੀਕੋਣ ਤਾਂ ਮਨੁੱਖ ਮਸਤਕ ਦੀ ਬੜੀ ਬਾਦ ਦੀ ਉਦਭਾਵਨਾ ਹੈ। ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸੰਬੰਧੀ ਵਿਵਰਣ ਦੀ ਜਨਮਸਾਖੀਆਂ ਵਿਚ ਘਾਟ ਨਹੀਂ ਹੈ, ਪਰ ਚੂੰਕਿ ਇਨ੍ਹਾਂ ਵਿਚ ਉਪਾਖਿਆਨਿਕ ਜਾਂ ਮਿਥਿਕ ਸਾਮਗ੍ਰੀ ਦੀ ਬਹੁਲਤਾ ਹੈ, ਇਸ ਲਈ ਇਨ੍ਹਾਂ ਵਿਚੋਂ ਇਤਿਹਾਸਿਕ ਤੱਥ ਬੜੀ ਸਾਵਧਾਨੀ ਨਾਲ ਲੱਭਣੇ ਹੋਣਗੇ।

ਉਪਾਖਿਆਨਿਕ ਜਾਂ ਮਿਥਿਕ ਸਾਮਗ੍ਰੀ ਤੋਂ ਬਿਨਾ ਵੀ ਅਣ-ਇਤਿਹਾਸਿਕਤਾ ਦੇ ਕੁਝ ਕਾਰਣ ਹਨ। ਇਕ ਇਹ ਕਿ ਜਨਮਸਾਖੀ-ਕਾਰ ਗੁਰੂ ਨਾਨਕ ਦੇਵ ਦੇ ਜੀਵਨ ਬ੍ਰਿੱਤਾਂਤ ਪੇਸ਼ ਕਰਨ ਵੇਲੇ ਉਨ੍ਹਾਂ ਦੀ ਬਾਣੀ ਵਿਚੋਂ ਜੋ ਟੂਕਾਂ ਜਾਂ ਪੱਦਾਂਸ਼ ਲਿਖਦੇ ਹਨ, ਉਨ੍ਹਾਂ ਵਿਚੋਂ ਕੁਝ ਟੂਕਾਂ ਗੁਰੂ ਨਾਨਕ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਵਿਚਲੀ ਪ੍ਰਮਾਣਿਕ ਬਾਣੀ ਵਿਚੋਂ ਨਹੀਂ ਹਨ, ਕੁਝ ਹੋਰਨਾਂ ਗੁਰੂ ਸਾਹਿਬਾਨ ਦੀਆਂ ਹਨ ਅਤੇ ਕੁਝ ਦਾ ਸੰਬੰਧ ਕਬੀਰ ਆਦਿ ਸੰਤਾਂ ਦੀਆਂ ਬਾਣੀਆਂ ਨਾਲ ਹੈ। ਇਸ ਪ੍ਰਕਾਰ ਦੀਆਂ ਟੂਕਾਂ ਨਾਲ ਸੰਬੰਧਿਤ ਘਟਨਾਵਾਂ ਨਿਸਚੇ ਹੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦਾ ਕੋਈ ਯਥਾਰਥ ਵਿਵਰਣ ਪ੍ਰਸਤੁਤ ਨਹੀਂ ਕਰਦੀਆਂ। ਇਸ ਲਈ ਸਪੱਸ਼ਟ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਵਿਅਕਤਿਤਵ ਨੂੰ ਨਰ ਤੋਂ ਨਾਰਾਇਣ ਸਿੱਧ ਕਰਨ ਲਈ ਸਾਖੀਕਾਰਾਂ ਨੇ ਗੁਰਬਾਣੀ ਦੀਆਂ ਕੰਠਸਥ ਟੂਕਾਂ ਜਾਂ ਪਦਿਆਂ ਦੇ ਅਨੁਰੂਪ ਸਾਖੀਆਂ ਘੜ ਲਈਆਂ ਅਤੇ ਜਿਥੇ ਗੁਰੂਆਂ ਦੀ ਬਾਣੀ ਤੋਂ ਉਦਿਸ਼ਟ ਫਲ ਦੀ ਪ੍ਰਾਪਤੀ ਸੰਭਵ ਨ ਦਿਸੀ, ਉਥੇ ਅਪ੍ਰਮਾਣਿਕ ਬਾਣੀ ਨੂੰ ਤੋੜ-ਮੋੜ ਕੇ ਗੁਰੂ ਨਾਨਕ ਦੇਵ ਜੀ ਦੇ ਨਾਂ ਨਾਲ ਜੋੜ ਦਿੱਤਾ ਅਤੇ ਇਸ ਤਰ੍ਹਾਂ ਉਨ੍ਹਾਂ ਨਾਲ ਸੰਬੰਧਿਤ ਘਟਨਾਵਾਂ ਦੀ ਇਤਿਹਾਸਿਕਤਾ ਨੂੰ ਸੰਦੇਹਜਨਕ ਬਣਾ ਦਿੱਤਾ।

            ਦੂਜੇ, ਬਹੁਤ ਸਾਰੀਆਂ ਘਟਨਾਵਾਂ ਦਾ ਉਦੇਸ਼ ਕਰਾਮਾਤਾਂ ਵਿਖਾਉਣਾ ਵੀ ਹੈ। ਅਜਿਹੀਆਂ ਘਟਨਾਵਾਂ ਦੇ ਕਥਾ-ਸੂਤਰ ਹੋਰਨਾਂ ਧਰਮ ਆਗੂਆਂ ਨਾਲ ਸੰਬੰਧਿਤ ਕਰਾਮਾਤਾਂ ਵਾਲੇ ਬ੍ਰਿੱਤਾਂਤਾਂ ਤੋਂ ਲਏ ਗਏ ਹਨ। ਤੀਜੇ, ਇਨ੍ਹਾਂ ਜਨਮਸਾਖੀਆਂ ਵਿਚ ਗੁਰੂ ਨਾਨਕ ਦੇਵ ਜੀ ਦੀ ਭੇਂਟ ਅਨੇਕ ਅਜਿਹੇ ਧਾਰਮਿਕ ਪ੍ਰਵਰਤਕਾਂ ਜਾਂ ਆਗੂਆਂ, ਨਾਥਾਂ, ਸਾਧਕਾਂ, ਪੀਰਾਂ, ਫ਼ਕੀਰਾਂ ਆਦਿ ਨਾਲ ਕਰਾਈ ਗਈ ਹੈ ਜੋ ਉਨ੍ਹਾਂ ਦੇ ਸਮਕਾਲੀ ਨਹੀਂ ਸਨ, ਜਿਵੇਂ ਮਛੰਦਰ, ਗੋਰਖ, ਗੋਪੀਚੰਦ, ਚਰਪਟ, ਭਰਥਰੀ, ਬਹਾਉੱਦੀਨ, ਸੱਯਦ ਮਿਠਾ , ਸ਼ੇਖ ਫ਼ਰੀਦ , ਸ਼ਰਫਉੱਦੀਨ ਆਦਿ। ਉਦਾਸੀਆਂ ਵੇਲੇ ਕਈਆਂ ਸਾਖੀਆਂ ਦਾ ਕ੍ਰਮ ਭੂਗੋਲਿਕ ਦ੍ਰਿਸ਼ਟੀ ਤੋਂ ਵੀ ਸਹੀ ਸਿੱਧ ਨਹੀਂ ਹੁੰਦਾ। ਇਸ ਤਰ੍ਹਾਂ ਇਨ੍ਹਾਂ ਜਨਮਸਾਖੀਆਂ ਵਿਚ ਜੁਟਾਈ ਗਈ ਸਾਮਗ੍ਰੀ ਕਾਫ਼ੀ ਮਾਤ੍ਰਾ ਵਿਚ ਭਰਮਪੂਰਣ ਹੈ। ਅਸਲ ਵਿਚ, ਇਹ ਜਨਮਸਾਖੀਆਂ ਇਤਿਹਾਸ ਪ੍ਰਧਾਨ ਜੀਵਨੀਆਂ ਨਹੀਂ, ਗੁਰੂ ਨਾਨਕ ਦੇਵ ਜੀ ਦੇ ਚਰਿਤ੍ਰ ਸੰਬੰਧੀ ਮਿਥਿਕ ਪ੍ਰਸੰਗ ਹਨ।

            ਸਾਹਿਤਿਕ ਮਹੱਤਵ: ਸਾਹਿਤਿਕ ਖੇਤਰ ਵਿਚ ਵੀ ਜਨਮਸਾਖੀਆਂ ਦਾ ਬਹੁਤ ਅਧਿਕ ਮਹੱਤਵ ਹੈ। ਪੁਰਾਤਨ ਪੰਜਾਬੀ ਵਾਰਤਕ ਦਾ ਆਰੰਭ ਇਨ੍ਹਾਂ ਤੋਂ ਹੀ ਹੁੰਦਾ ਹੈ। ਇਹ ਕਵਿਤਾ ਅਤੇ ਵਾਰਤਕ ਵਿਚਲੇ ਨਿਖੇੜ ਦੀ ਉਸ ਅਵਸਥਾ ਨੂੰ ਪ੍ਰਸਤੁਤ ਕਰਦੀਆਂ ਹਨ ਜਦੋਂ ਆਧੁਨਿਕ ਭਾਰਤੀ ਭਾਸ਼ਾਵਾਂ ਵਿਚ ਭਾਵਾਂ ਦੇ ਸਪੱਸ਼ਟ ਪ੍ਰਗਟਾਵੇ ਲਈ ਕਵਿਤਾ ਦੇ ਨਾਲ ਨਾਲ ਵਾਰਤਕ ਵੀ ਆਪਣੀ ਥਾਂ ਬਣਾਉਣ ਲਗ ਗਈ ਸੀ। ਇਸ ਲਈ ਇਨ੍ਹਾਂ ਦੀ ਵਾਰਤਕ ਕਾਵਿਮਈ ਹੈ, ਕਿਉਂਕਿ ਇਹ ਕਵਿਤਾ ਵਾਲਾ ਵਾਯੂਮੰਡਲ ਸਿਰਜ ਦਿੰਦੀ ਹੈ।

ਇਨ੍ਹਾਂ ਦੀ ਭਾਸ਼ਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਭਾਸ਼ਾ ਨੂੰ ਸਮਝ ਸਕਣ ਵਾਲਾ ਪਾਠਕ ਪੰਜਾਬ ਤਕ ਸੀਮਿਤ ਨਹੀਂ, ਸਮੁੱਚੇ ਭਾਰਤ ਦੇ ਵਿਸਤਾਰ ਤਕ ਇਸ ਦੇ ਪਾਠਕਾਂ ਦੀ ਵਿਆਪਤੀ ਹੈ। ਇਸ ਲਈ ਇਨ੍ਹਾਂ ਦੀ ਭਾਸ਼ਾ ਵੀ ਪੰਜਾਬ ਦੀਆਂ ਹੱਦਬੰਦੀਆਂ ਦੀ ਉਲੰਘਣਾ ਕਰਕੇ ਉਸ ਵੇਲੇ ਦੀ ਅਧਿਆਤਮਿਕ ਭਾਸ਼ਾ ਦੀਆਂ ਸਾਰੀਆਂ ਪ੍ਰਵ੍ਰਿੱਤੀਆਂ ਨੂੰ ਗ੍ਰਹਿਣ ਕਰਦੀ ਹੈ। ਇਸ ਨੂੰ ਪੰਜਾਬੀ ਸਾਧ ਭਾਖਾ ਜਾਂ ਪੰਜਾਬੀ ਸਧੁੱਕੜੀ ਕਿਹਾ ਜਾ ਸਕਦਾ ਹੈ।

            ਜਨਮਸਾਖੀਆਂ ਆਪਣੇ ਆਪ ਵਿਚ ਪੂਰਣ ਸਾਹਿਤ ਹਨ, ਕਿਉਂਕਿ ਇਨ੍ਹਾਂ ਤੋਂ ਅਨੇਕ ਸਾਹਿਤ ਰੂਪਾਂ ਜਾਂ ਵਿਧਾਵਾਂ ਦਾ ਮੁੱਢ ਬਝਦਾ ਹੈ। ਇਕ ਤਾਂ ਇਨ੍ਹਾਂ ਤੋਂ ਜੀਵਨੀ ਸਾਹਿਤ-ਰੂਪ ਦਾ ਜਨਮ ਹੁੰਦਾ ਹੈ। ਇਹ ਭਾਵੇਂ ਸ਼ੁੱਧ ਅਤੇ ਵਿਗਿਆਨਿਕ ਜੀਵਨੀ ਦੀ ਕਸੌਟੀ ਉਤੇ ਪੂਰੀਆਂ ਨ ਉਤਰ ਸਕਣ, ਪਰ ਕਿਸੇ ਸਾਹਿਤ-ਰੂਪ ਦੀਆਂ ਮੁੱਢਲੀਆਂ ਸੀਮਾਵਾਂ ਦੇ ਅਨੁਰੂਪ ਇਨ੍ਹਾਂ ਵਿਚ ਵੀ ਜੀਵਨੀ ਦੀ ਦ੍ਰਿਸ਼ਟੀ ਤੋਂ ਕੁਝ ਕੁ ਊਣਤਾਈਆਂ ਹਨ।

            ਜਨਮਸਾਖੀਆਂ ਤੋਂ ਪੰਜਾਬੀ ਦੇ ਗੁਰਮਤ ਸਾਹਿਤ ਦੀ ਵਿਆਖਿਆ ਜਾਂ ਟੀਕਾਕਾਰੀ, ਗੋਸ਼ਟਾਂ ਵਾਂਗ ਜਿਗਿਆਸੂ ਨੂੰ ਗੁਰਬਾਣੀ ਦੀ ਗੌਰਵਮਈ ਭਾਵਧਾਰਾ ਤੋਂ ਜਾਣੂੰ ਕਰਾਉਣ ਦਾ ਇਕ ਸਰਲ ਮਾਧਿਅਮ ਰਹੀ ਹੈ।

ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਜਨਮ- ਸਾਖੀਆਂ ਆਪਣੇ ਆਪ ਵਿਚ ਪੂਰਣ ਸਾਹਿਤ ਹਨ ਅਤੇ ਇਨ੍ਹਾਂ ਦੁਆਰਾ ਅਨੇਕ ਸਾਹਿਤ-ਰੂਪਾਂ ਅਤੇ ਵਿਧਾਵਾਂ ਦਾ ਸਫ਼ਲ ਵਿਕਾਸ ਹੋਇਆ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਇਨ੍ਹਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਜੀਵਨ- ਘਟਨਾਵਾਂ ਦਾ ਸੰਕਲਨ, ਅਧਿਆਤਮਿਕ ਪੱਖ ਤੋਂ ਗੁਰਮਤਿ, ਵੇਦਾਂਤ ਅਤੇ ਸੂਫ਼ੀ ਸਾਧਨਾ ਦੇ ਸਿੱਧਾਂਤਾਂ ਦਾ ਸੰਗ੍ਰਹਿ, ਧਾਰਮਿਕ ਦ੍ਰਿਸ਼ਟੀਕੋਣ ਤੋਂ ਗੁਰੂ ਨਾਨਕ ਬਾਣੀ ਦੇ ਪਰਮਾਰਥ ਅਤੇ ਸਾਧਨਾ ਮਾਰਗ ਦਾ ਵਿਸ਼ਲੇਸ਼ਣ ਅਤੇ ਸਾਹਿਤਿਕ ਪੱਖ ਤੋਂ ਗੱਦ , ਪੱਦ , ਗੋਸਟਿ, ਜੀਵਨੀ, ਟੀਕਾਕਾਰੀ ਆਦਿ ਕਈ ਸਾਹਿਤ-ਰੂਪਾਂ ਦਾ ਸੁੰਦਰ ਵਿਕਾਸ ਹੋਇਆ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6628, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.